ਲੰਡਨ— ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਡਿਪਰੈਸ਼ਨ ਮਾਨਸਿਕ ਰੋਗਾਂ ਦਾ ਕਾਰਨ ਹੁੰਦਾ ਹੈ ਪਰ ਇਸ ਦੇ ਬੁਰੇ ਪ੍ਰਭਾਵ ਕੇਵਲ ਇੱਥੇ ਤੱਕ ਹੀ ਸੀਮਤ ਨਹੀਂ ਹਨ। ਇੱਕ ਨਵੀਂ ਖੋਜ 'ਚ ਵਿਗਿਆਨੀਆਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਡਿਪਰੈਸ਼ਨ ਨਾਲ ਹੋਣ ਵਾਲੇ ਬਦਲਾਅ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ।
ਸਪੇਨ ਦੀ ਯੂਨੀਵਰਸਿਟੀ ਆਫ਼ ਗ੍ਰੇਨੇਡਾ (ਯੂ. ਜੀ. ਆਰ.) ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਡਿਪਰੈਸ਼ਨ ਨੂੰ ਇੱਕ ਪ੍ਰਣਾਲੀਗਤ ਰੋਗ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਦੇ ਕਈ ਅੰਗਾਂ ਅਤੇ ਟਿਸ਼ੂਜ਼ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਹੀ ਡਿਪਰੈਸ਼ਨ ਦੇ ਦਿਲ ਅਤੇ ਕੈਂਸਰ ਨਾਲ ਮਹੱਤਵਪੂਰਨ ਸੰਬੰਧ ਮਿਲੇ ਹਨ। ਖੋਜ 'ਚ ਡਿਪਰੈਸ਼ਨ ਨਾਲ ਪੀੜਤ ਲੋਕਾਂ ਦੀ ਜਲਦੀ ਮੌਤ ਦੇ ਕਾਰਨਾਂ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਗਈ ਹੈ।
ਇਸ ਖੋਜ ਦੇ ਵਿਸ਼ਲੇਸ਼ਣ 'ਚ ਵੱਖ-ਵੱਖ ਆਕਸੀਡੇਟਿਵ ਤਣਾਅ ਮਾਪਦੰਡਾਂ ਦੇ ਵਾਧੇ ਅਤੇ ਆਕਸੀਡੈਂਟ ਪਦਾਰਥਾਂ ਦੀ ਕਮੀ ਦੇ ਵਿਚਕਾਰ ਅਸੰਤੁਲਨ ਦਾ ਖ਼ੁਲਾਸਾ ਕੀਤਾ ਹੈ। ਇਸ ਖੋਜ 'ਚ ਇਸ ਤੋਂ ਪਹਿਲਾਂ ਹੋਏ 29 ਅਧਿਐਨਾਂ ਦਾ ਨੂੰ ਵੀ ਧਿਆਨ 'ਚ ਰੱਖਿਆ ਗਿਆ, ਜਿਨ੍ਹਾਂ 'ਚ 961 ਲੋਕ ਸ਼ਾਮਲ ਹੋਏ ਸਨ। ਇਹ ਪਹਿਲੀ ਅਜਿਹੀ ਖੋਜ ਹੈ, ਜਿਸ 'ਚ ਸਰੀਰ 'ਤੇ ਡਿਪੈਰਸ਼ਨ ਨਾਲ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਡਿਪਰੈਸ਼ਨ ਦੀ ਰੋਕਥਾਮ ਅਤੇ ਇਸ ਦੇ ਇਲਾਜ 'ਚ ਵਧੇਰੇ ਮਦਦ ਮਿਲ ਸਕਦੀ ਹੈ। ਇਹ ਖੋਜ ਪ੍ਰੱਤਿਕਾ 'ਕਲੀਨੀਕਲ ਸਾਈਕੈਅਟਰੀ' 'ਚ ਪ੍ਰਕਾਸ਼ਿਤ ਹੋਈ ਹੈ।